ਇਹ ਗੁਰਦੁਆਰਾ ਸਾਹਿਬ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਰਾਇ ਜੀ ਦੀ ਯਾਦ ਵਿਚ ਸੁਸ਼ੋਭਿਤ ਹੈ। ਬਾਬਾ ਜੀ ਦਾ ਜਨਮ ਗੁਰਦੁਆਰਾ ਗੁਰੂ ਕੇ ਮਹਿਲ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਮਤ 1676 (1619 ਈ.) ਵਿੱਚ ਹੋਇਆ। ਛੋਟੀ ਉਮਰ ਵਿੱਚ ਹੀ ਆਪ ਜੋ ਬਚਨ ਕਰਦੇ ਉਹ ਪੂਰੇ ਹੋ ਜਾਂਦੇ। ਇਸ ਪ੍ਰਭਾਵ ਕਰਕੇ ਸਾਰੇ ਆਪ ਜੀ ਨੂੰ ਬਾਬਾ ਕਿਹਾ ਕਰਦੇ ਸਨ। ਬਾਬਾ ਜੀ ਹਾਣੀ ਬਾਲਕਾਂ ਨਾਲ ਖਿਦੋ-ਖੂੰਡੀ ਖੇਡਿਆ ਕਰਦੇ ਸਨ। ਇਕ ਦਿਨ ਖੇਡਦਿਆਂ ਮੀਟੀ ਬਾਲਕ ਮੋਹਨ ਦੇ ਸਿਰ ਆਈ, ਸ਼ਾਮ ਹੋ ਜਾਣ ਕਾਰਨ ਉਸ ਨੇ ਅਗਲੇ ਦਿਨ ਮੀਟੀ ਦੇਣ ਦਾ ਵਾਅਦਾ ਕੀਤਾ। ਰਾਤ ਦੇ ਸਮੇਂ ਮੋਹਨ ਨੂੰ ਸੱਪ ਨੇ ਡੰਗ ਲਿਆ ਤੇ ਉਸ ਦੀ ਮੌਤ ਹੋ ਗਈ। ਜਦ ਮੋਹਨ ਮੀਟੀ ਦੇਣ ਲਈ ਨਾ ਪੁੱਜਾ ਤਾਂ ਬਾਬਾ ਅਟੱਲ ਰਾਏ ਜੀ ਸਾਥੀਆਂ ਸਮੇਤ ਮੋਹਨ ਦੇ ਘਰ ਪਹੁੰਚੇ। ਅੱਗੇ ਦੇਖਿਆ ਕਿ ਮੋਹਨ ਦੇ ਮਾਤਾ-ਪਿਤਾ ਵਿਰਲਾਪ ਕਰ ਰਹੇ ਸਨ। ਰੋਂਦੇ ਮਾਪਿਆ ਨੇ ਬਾਬਾ ਜੀ ਨੂੰ ਮੋਹਨ ਦੇ ਰਾਤ ਸੰਪ ਲੜ ਕੇ ਮਰ ਜਾਣ ਦਾ ਹਾਲ ਦੱਸਿਆ। ਇਹ ਸੁਣ ਕੇ ਬਾਬਾ ਜੀ ਐਗੇ ਵਧੇ ਤੇ ਆਪਣੀ ਖੂੰਡੀ ਮੋਹਨ ਦੇ ਗਲ ਵਿਚ ਪਾ ਕੇ ਕਿਹਾ, ਉੱਠ ਸਾਡੀ ਮੀਟੀ ਦੇਹ। ਜਿਸ ਨਾਲ ਮੋਹਨ ਸੁਰਜੀਤ ਹੋ ਉਠਿਆ। ਇਸ ਗੱਲ ਦੀ ਚਰਚਾ ਸਾਰੇ ਨਗਰ ਵਿਚ ਫੈਲ ਗਈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਵੀ ਇਸ ਬਾਰੇ ਪਤਾ ਲੱਗਿਆ ਤਾਂ ਬਾਬਾ ਅਟੱਲ ਰਾਏ ਜੀ ਨੂੰ ਬੁਲਾਵਾ ਭੇਜਿਆ। ਬਾਬਾ ਜੀ ਗੁਰੂ ਸਾਹਿਬ ਦੀ ਹਜੂਰੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਆਏ। ਗੁਰੂ ਸਾਹਿਬ ਜੀ ਨੇ ਫੁਰਮਾਇਆ ‘ਭਾਣਾ ਉਲਟਿਆ ਜੋ' ਬਾਬਾ ਜੀ ਨੇ ਸਮਝ ਲਿਆ, ਨਮਸਕਾਰ ਕਰਕੇ ਅਡੋਲ ਇਸ ਅਸਥਾਨ 'ਤੇ ਚਾਦਰ ਤਾਣ ਕੇ ਲੇਟ ਗਏ ਅਤੇ ਸਰੀਰ ਤਿਆਗ ਦਿੱਤਾ। ਇਹ ਭਾਣਾ ਸੰਮਤ 1685 (1628 ਈ.) ਅੱਸੂ ਵਦੀ 10 ਵਾਲੇ ਦਿਨ ਵਰਤਿਆ। ਪਤਾ ਲੱਗਣ ਤੇ ਸਿੱਖ ਸੰਗਤਾਂ ਸਮੇਤ ਗੁਰੂ ਸਾਹਿਬ ਜੀ ਇਸ ਅਸਥਾਨ 'ਤੇ ਆਏ ਅਤੇ ਆਪਣੇ ਸਪੁੱਤਰ ਬਾਬਾ ਅਟੱਲ ਰਾਇ ਜੀ ਦਾ ਏਥੇ ਹੀ ਸਸਕਾਰ ਕੀਤਾ। ਸਸਕਾਰ ਸਮੇਂ ਜਿਸ ਥਾਂ ਗੁਰੂ ਸਾਹਿਬ ਜੀ ਸੰਗਤਾਂ ਸਮੇਤ ਬਿਰਾਜਮਾਨ ਹੋਏ ਉਸ ਥਾਂ ਗੁਰਦੁਆਰਾ ਬਾਰਾਂਦਰੀ ਹੈ। ਅਕਾਲ ਚਲਾਣੇ ਸਮੇਂ ਬਾਬਾ ਜੀ ਦੀ ਅਵਸਥਾ 9 ਸਾਲ ਦੀ ਸੀ। ਸਿੱਖ ਸੰਗਤਾਂ ਨੇ ਸਸਕਾਰ ਵਾਲੀ ਥਾਂ 'ਤੇ ਸੰਮਤ 1835 (1778 ਈ.) ਵਿੱਚ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ। ਇਸ ਇਮਾਰਤ ਦੀ ਵਿਲੱਖਣਤਾ ਹੈ ਕਿ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰੂਨੀ ਸ਼ਹਿਰ ਦੀਆਂ ਸਾਰੀਆਂ ਇਮਾਰਤਾਂ ਵਿਚੋਂ ਉੱਚੀ ਇਮਾਰਤ ਹੈ।